Saturday, February 28, 2009

ਲੋਕ ਸਾਹਿਤ ਅਤੇ ਇਸਤਰੀ-ਅਨੁਭਵ

ਮੇਰੀ ਜਾਚੇ ਲੋਕ-ਸਾਹਿਤ ਬਾਰੇ ਕੋਈ ਵੀ ਚਰਚਾ ਕਰਨ ਤੋਂ ਪਹਿਲਾਂ ਸਾਡਾ ਇਨ੍ਹਾਂ ਸੁਆਲਾਂ ਦੇ ਮੁਖਾਤਿਬ ਹੋਣਾ ਬਣਦਾ ਹੈ ਕਿ ਕੀ ਲੋਕ ਸਾਹਿਤ ਵਾਕਿਆ ਹੀ ਸਾਹਿਤ ਦੀ ਇੱਕ ਵੰਨਗੀ ਹੈ? ਕੀ ਲੋਕ ਸਾਹਿਤ, ਸਾਹਿਤ ਦੇ ਬਾਗ ਦਾ ਇੱਕ ਸੁੰਦਰ ਫੁੱਲ ਹੀ ਹੈ? ਜੇ ਇਹ ਸਾਹਿਤ ਜਾਂ ਸਾਹਿਤ ਦਾ ਅੰਗ ਨਹੀਂ ਹੈ ਤਾਂ ਹੋਰ ਇਹ ਕੀ ਹੈ? ਕੀ ਇਹ ਮਨੁੱਖੀ ਅਨੁਭਵ ਦੀ ਕਿਸੇ ਹੋਰ ਦਿਸ਼ਾ ਦਾ ਪ੍ਰਗਟਾਵਾ ਹੈ ਜਿੱਥੇ ਸਾਹਿਤ ਨਹੀਂ ਪਹੁੰਚ ਸਕਦਾ? ਕੀ ਇਹ ਮਨੁੱਖੀ ਦੇਹ ਦਾ ਆਪਣੀ ਭਰਪੂਰ ਤੰਦਰੁਸਤੀ ਵਿੱਚ ਕੀਤਾ ਗਿਆ ਸਵੈ-ਪ੍ਰਗਟਾਵਾ ਹੈ। ਕੀ ਇਹ ਉਸ ਤਾਂਘ ਦਾ ਨਾਮ ਤਾਂ ਨਹੀਂ ਜਿਹੜੀ ਸਾਹਿਤਕ ਦਰਿਆ ਦੇ ਕਿਨਾਰਿਆਂ ਉ¤ਤੇ ਬੈਠ ਉਸਨੂੰ ਕਿਸੇ ਹੋਰ ਸਾਗਰ ਵਿੱਚ ਅਭੇਦ ਕਰਨਾ ਲੋਚਦੀ ਹੈ? ਅਤੇ ਆਖਿਰੀ ਸਵਾਲ, ਕੀ ਲੋਕ ਸਾਹਿਤ ਨੂੰ ਲੋਕ ਸਾਹਿਤ ਕਹਿਣਾ ਜਾਇਜ਼ ਵੀ ਹੈ ਜਾਂ ਇਸ ਦੀ ਹਸਤੀ ਕਿਸੇ ਹੋਰ ਵਧੇਰੇ ਸੁੰਦਰ ਨਾਮ ਦੀ ਹੱਕਦਾਰ ਹੈ? ਕੀ ਆਧੁਨਿਕ ਯੁੱਗ ਵਿੱਚ ਲੋਕ-ਸਾਹਿਤ ਉਸ ਮਾਂ ਮਹਿੱਟਰ ਬੱਚੇ ਵਰਗਾ ਤਾਂ ਨਹੀਂ ਜਿਸਦੀ ਮਾਂ ਦੀ ਮੌਤ ਤੋਂ ਬਾਅਦ ਲੋਕਾਂ ਨੇ ਉਸਦਾ ਅਸਲੀ ਨਾਮ ਹੀ ਵਿਸਾਰ ਦਿੱਤਾ ਹੋਵੇ ਜਾਂ ਜਿਸਦਾ ਅਜੇ ਨਾਂ ਰੱਖਿਆ ਹੀ ਨਾ ਗਿਆ ਹੋਵੇ?

ਇਨ੍ਹਾਂ ਸਵਾਲਾਂ ਦੇ ਉ¤ਤਰ ਕੁਝ ਵੀ ਹੋਣ ਉਹ ਮੇਰੀ ਸਮਝ ਤੋਂ ਪਰ੍ਹੇ ਵੀ ਹੋ ਸਕਦੇ ਹਨ ਪਰ ਲੋਕ ਸਾਹਿਤ ਬਾਰੇ ਕੋਈ ਵੀ ਚਰਚਾ ਇਨ੍ਹਾਂ ਸਵਾਲਾਂ ਦੀ ਰੌਸ਼ਨੀ ਵਿੱਚ ਹੀ ਹੋ ਸਕਦੀ ਹੈ। ਇਸ ਬਾਰੇ ਮੈਨੂੰ ਕੋਈ ਸ਼ੱਕ ਨਹੀਂ ਹੈ। ਮੇਰੇ ਲਈ ਲੋਕ ਸਾਹਿਤ ਨੂੰ ਲੋਕ ਸਾਹਿਤ ਕਹਿਣਾ ਪੀੜਦਾਇਕ ਹੈ ਕਿਉਂਕਿ ਇਹ ਨਾਂ ਨਹੀਂ ਸਗੋਂ ਲੇਬਲ ਹੈ। ਲੇਬਲ ਨਿਰਜਿੰਦ ਚੀਜ਼ਾਂ ਉ¤ਤੇ ਲਾਏ ਜਾਂਦੇ ਹਨ ਜਦਕਿ ਨਾਮ ਜਿਊਂਦੀਆਂ ਜਾਗਦੀਆਂ ਵਸਤਾਂ ਦੁਆਰਾ ਧਾਰਨ ਕੀਤੇ ਜਾਂਦੇ ਹਨ। ਆਧੁਨਿਕ ਅਲੋਚਨਾ ਉਸ ਡਾਇਣ ਵਰਗੀ ਹੈ ਜਿਸ ਦੀ ਨਿਗ੍ਹਾ ਹੇਠ ਆਉਣ ਵਾਲੀ ਹਰ ਸ਼ੈਅ ਪਥਰਾ ਜਾਂਦੀ ਹੈ। ਆਧੁਨਿਕ ਯੁੱਗ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਇਸ ਵਿੱਚ ਉਕਤ ਨਿਗ੍ਹਾ ਦਾ ਬੇਅੰਤ ਫੈਲਾਅ ਹੋਇਆ ਹੈ। ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਸਾਰਿਆਂ ਕੋਲ ਇਹ ਮਾਰੂ ਸ਼ਕਤੀ ਮੌਜੂਦ ਹੈ। ਅਸੀਂ ਅੱਜ ਅਜਿਹੇ ਜਗਤ ਵਿੱਚ ਰਹਿ ਰਹੇ ਹਾਂ ਜਿੱਥੇ ਪੱਥਰ ਹੀ ਪੱਥਰਾਂ ਨੂੰ ਪਥਰਾ ਰਹੇ ਹਨ।

ਕਿਸੇ ਜਿਊਂਦੀ ਜਾਗਦੀ, ਹੱਸਦੀ-ਖੇਡਦੀ, ਰੋਂਦੀ, ਮਹਿਕਦੀ, ਲੋਕਾਂ ਦੇ ਦੁੱਖ ਸੁੱਖ ਵੰਡਾਉਂਦੀ ਚੀਜ਼ ਦਾ ਇੱਕਦਮ ਪਥਰਾ ਜਾਣਾ, ਇਸ ਤੋਂ ਵੱਡੀ ਤ੍ਰਾਸਦੀ ਹੋਰ ਕੀ ਹੋ ਸਕਦੀ ਹੈ? ਸਭ ਸਮਿਆਂ ਨਾਲੋਂ ਵੱਧ ਅੱਜ ਸਾਡੇ ਵਿਵੇਕ ਦਾ ਇਸ ਤ੍ਰਾਸਦੀ ਨੂੰ ਮੁਖਾਤਿਬ ਹੋਣਾ ਵਧੇਰੇ ਜ਼ਰੂਰੀ ਹੈ। ਬੇਗਾਨੇ ਇਲਮਾਂ ਦੇ ਪ੍ਰਛਾਵੇਂ ਹੇਠ ਅਸੀਂ ਆਪਣੇ ਵਿਰਸੇ ਦੀਆਂ ਸਭ ਤੋਂ ਵੱਧ ਕੀਮਤੀ ਚੀਜ਼ਾਂ ਦਾ ਚਿਹਰਾ-ਮੋਹਰਾ ਵਿਗਾੜ ਛੱਡਿਆ ਹੈ। ਇਸ ਦੀ ਸਭ ਤੋਂ ਵੱਧ ਦੁਖਦ ਉਦਾਹਰਣ ਗੁਰਬਾਣੀ ਨੂੰ ਅਧਿਆਤਮਵਾਦੀ ਕਵਿਤਾ ਕਿਹਾ ਜਾਣਾ ਹੈ। ਇਸ ਤੋਂ ਮੇਰੇ ਜ਼ਿਹਨ ਵਿੱਚ ਸੁਆਲ ਆਉਂਦਾ ਹੈ ਕਿ ਗੁਰਬਾਣੀ ਨੂੰ ਗੁਰਬਾਣੀ ਕਹਿਣ ਦੀ ਥਾਂ ਕੁਝ ਹੋਰ ਕਹਿਣ ਦੀ ਲੋੜ ਕਿਉਂ ਪਈ? ਗੁਰਬਾਣੀ ਕਹਿਣ ਵਿੱਚ ਕੀ ਹਰਜ਼ ਹੈ? ਉ¤ਤਰ ਇਹ ਹੈ ਕਿ ਨਾਮ ਕੇਵਲ ਨਾਮ ਨਹੀਂ ਹੁੰਦਾ ਸਗੋਂ ਉਸ ਚੀਜ਼ ਦੇ ਅੰਦਰਲੀਆਂ ਅਸੀਮ ਸੰਭਾਵਨਾਵਾਂ ਦੇ ਧਰਤੀ ਉ¤ਤੇ ਫੈਲਾਅ ਦਾ ਵਾਹਕ ਵੀ ਹੁੰਦਾ ਹੈ। ਇਸੇ ਲਈ ਜਦੋਂ ਨਾਮਕਰਣ ਦੀ ਕ੍ਰਿਆ ਪਰ ਨੂੰ ਵੱਸ ਕਰਣ ਵਾਲੀ ਬਿਰਤੀ ਦੇ ਅਧੀਨ ਹੋ ਜਾਂਦੀ ਹੈ ਤਾਂ ਇਹ ਨਾਵਾਂ ਦਾ ਲੇਬਲੀਕਰਣ ਕਰ ਦਿੰਦੀ ਹੈ। ਇਸੇ ਪਥਰਾ ਦੇਣ ਵਾਲੀ ਬਿਰਤੀ ਵਿੱਚੋਂ ਹੀ ‘ਅਧਿਆਤਮਵਾਦੀ ਕਵਿਤਾ’ ਅਤੇ ‘ਲੋਕ ਸਾਹਿਤ’ ਜਿਹੇ ਲੇਬਲ ਨਿਕਲਦੇ ਹਨ।

ਆਪਣੇ ਮੁੱਢਲੇ ਸੁਆਲਾਂ ਵੱਲ ਮੁ²ੜਦਿਆਂ ਜੇ ਇਹ ਮੰਨ ਵੀ ਲਿਆ ਜਾਵੇ ਕਿ ਜਿਸ ਚੀਜ਼ ਨੂੰ ਲੋਕ ਸਾਹਿਤ ਦਾ ਨਾਂ ਦਿੱਤਾ ਜਾਂਦਾ ਹੈ ਉਹ ਸਾਹਿਤ ਦਾ ਕੋਈ ਰੂਪ ਨਾ ਹੋ ਕੇ ਕੋਈ ਹੋਰ ਚੀਜ਼ ਹੈ ਤਾਂ ਫਿਰ ਇਹ ਵੇਖਣਾ ਪਵੇਗਾ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਇਸਨੂੰ ਸਾਹਿਤ ਤੋਂ ਵਖਰਾਉਂਦੀ ਹੈ। ਸਾਹਿਤ ਹੁਨਰ ਹੈ, ਜਿਹੜਾ ਸਾਹਿਤਕਾਰ ਦੇ ਪ੍ਰੋੜ ਹੋਣ ਨਾਲ ਹੋਰ ਲਿਸ਼ਕਦਾ ਅਤੇ ਸੰਵਰਦਾ ਹੈ। ਸਾਹਿਤ ਰਾਹੀਂ ਮਨੁੱਖੀ ਮਨ ਆਪਣੇ ਅੰਦਰਲੀਆਂ ਸ਼ਕਤੀਆਂ ਨੂੰ ਇਕਾਗਰਤਾ ਰਾਹੀਂ ਲੈਅਬੱਧ ਕਰ ਸੁਹਜਮਈ ਪ੍ਰਗਟਾਵਾ ਬਖਸ਼ਦਾ ਹੈ। ਸਾਹਿਤ ਰਾਹੀਂ ਜਦੋਂ ਮਨੁੱਖ ਦੇ ਅੰਦਰਲੀ ਕਸ਼ਿਸ਼ ਆਪਣੇ ਆਪ ਨੂੰ ਬੋਲੀ ਵਿੱਚ ਪ੍ਰਗਟਾਉਂਦੀ ਹੈ ਤਾਂ ਇਹ ਬੋਲੀ ਨੂੰ ਵੱਖੋ ਵੱਖਰੇ ਸਾਹਿਤਕ ਰੂਪਾਂ ਦੇ ਨਕਸ਼ ਪ੍ਰਦਾਨ ਕਰਦੀ ਹੈ। ਇਸ ਤਰ੍ਹਾਂ ਮਨੁੱਖ ਅੰਦਰਲੇ ਸਾਹਿਤਕ ਰੁਝਾਨ ਬੋਲੀ ਨਾਲ ਇੱਕ ਸਜੀਵ ਸਬੰਧ ਸਥਾਪਿਤ ਕਰਦੇ ਹਨ ਦੂੁਜੇ ਦੇ ਰੂਪਾਂ ਨੂੰ ਲਗਾਤਾਰ ਨਵਿਆਉਂਦੇ ਰਹਿੰਦੇ ਹਨ।

ਅਸਲ ਵਿੱਚ ਧਰਤੀ ਉ¤ਤੇ ਸੱਭਿਅਤਾ ਦੇ ਫੈਲਾਅ ਦੇ ਪਿੱਛੇ ਕੰਮ ਕਰ ਰਹੀ ਅਗਲੀ ਤਾਕਤ ਵੀ ਮਨੁੱਖ ਅੰਦਰਲਾ ਸਾਹਿਤਕ ਰੁਝਾਨ ਹੀ ਹੈ। ਸਾਇੰਸ ਵੀ ਇਸ ਫੈਲਾਅ ਦਾ ਇੱਕ ਅੰਸ਼ ਮਾਤਰ ਹੈ। ਜਿਵੇਂ ਮਨੁੱਖ ਅੰਦਰਲਾ ਸਾਹਿਤਕ ਰੁਝਾਨ ਬੋਲੀ ਨੂੰ ਸਾਹਿਤਕ ਰੂਪਾਂ ਰਾਹੀਂ ਨਵੇਂ ਨਕਸ਼ ਪ੍ਰਦਾਨ ਕਰਦਾ ਹੈ ਉਵੇਂ ਹੀ ਇਹ ਵੱਖ ਵੱਖ ਵਿਗਿਆਨਾਂ ਰਾਹੀਂ ਪਦਾਰਥ ਨੂੰ ਵੀ ਨਵੇਂ ਨਕਸ਼ ਪ੍ਰਦਾਨ ਕਰ ਦਿੰਦਾ ਹੈ। ਇਸ ਰੁਝਾਨ ਦੀ ਜੜ੍ਹ ਪੁਰਖ ਦੀ ਕਲਪਨਾ ਵਿਚਲੀ ਉਸ ਜੁਸਤਜੂ ਹੈ ਜਿਸਨੂੰ ਹਮੇਸ਼ਾ ਹੀ ਕਿਸੇ ਹੁਸੀਨ ਚਿਹਰੇ ਦੇ ਦੀਦਾਰ ਦੀ ਤੜਪ ਲੱਗੀ ਰਹਿੰਦੀ ਹੈ। ਇਉਂ ਇਹ ਰੁਝਾਨ ਜਦੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਕਲਪਨਾ ਦੀਆਂ ਉਡਾਰੀਆਂ ਦੇ ਹਵਾਲੇ ਕਰ ਦਿੰਦਾ ਹੈ ਤਾਂ ਇਸ ਦੀ ਹੋਂਦ ਜ਼ਿੰਦਗੀ ਦੇ ਸਥੂਲ ਰੂਪਾਂ ਜਿਵੇਂ ਦੇਹੀ ਅਤੇ ਇਸ ਦੇ ਆਲੇ-ਦੁਆਲੇ ਦੀ ਕਾਇਨਾਤ ਤੋਂ ਇੱਕ ਅਲਹਿਦਗੀ ਵਿੱਚ ਵਿਚਰਣ ਲਗਦੀ ਹੈ। ਇਸੇ ਅਲਹਿਦਗੀ ਵਿੱਚ ਵਿਚਰਦਿਆਂ ਹੀ ਸਾਹਿਤਕਾਰ ਕਰਤਾ ਹੋਣ ਦਾ ਭਰਮ ਪਾਲ ਬਹਿੰਦਾ ਹੈ ਅਤੇ ਉਸ ਦੀ ਰੂਪਮਾਨ ਕੀਤੀ ਹਰ ਚੀਜ਼ ਵਿੱਚ ਹਉਂ ਦਾ ਵਿਸ ਘੁਲਣ ਲਗਦਾ ਹੈ। ਇਹੀ ਕਾਰਣ ਹੈ ਕਿ ਧਰਤੀ ਉ¤ਤੇ ਸੱਭਿਅਤਾ ਦੀ ਤਰੱਕੀ ਨੇ ਰੂਹਾਨੀ ਵੀਰਾਨੀ ਨੂੰ ਵੀ ਜਨਮ ਦਿੱਤਾ ਹੈ।

ਸਾਹਿਤ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਹ ਕਲਪਨਾ ਵਿੱਚੋਂ ਜਨਮ ਲੈਣ ਕਾਰਣ ਆਪਣੀ ਹੋਂਦ ਨੂੰ ਸਥਿਰਤਾ ਦੀ ਪ੍ਰਤੀਤੀ ਕਰਵਾਉਣ ਖਾਤਰ ਆਪਣੇ ਆਪ ਨੂੰ ਸੰਸਥਾਗਤ ਰੂਪਾਂ ਵਿੱਚ ਢਾਲਦਾ ਹੈ। ਸੰਸਥਾਗਤ ਰੂਪ ਗ੍ਰਹਿਣ ਕਰਨ ਨਾਲ ਸਥਿਰਤਾ ਦਾ ਇੱਕ ਭਰਮ ਤਾਂ ਭਾਵੇਂ ਸਿਰਜਿਆ ਜਾਂਦਾ ਹੈ ਪਰ ਨਾਲ ਹੀ ਖੜੋਤ ਵੀ ਇਸ ਉੱਤੇ ਹਾਵੀ ਹੋ ਜਾਂਦੀ ਹੈ। ਮੌਤ ਦਾ ਭੈਅ ਹੀ ਫਿਰ ਇਸ ਦੇ ਹਰ ਇੱਕ ਕਦਮ ਨੂੰ ਨਿਰਧਾਰਤ ਕਰਨ ਲਗਦਾ ਹੈ।

ਮਨੁੱਖ ਅੰਦਰਲੇ ਸਾਹਿਤਕ ਰੁਝਾਨਾਂ ਦੇ ਸੰਸਥਾਗਤ ਰੂਪਾਂ ਵਿੱਚ ਢਲਣ ਕਾਰਣ ਹੀ ਗਿਆਨ, ਰਾਜਨੀਤੀ ਅਤੇ ਸਮਾਜ ਦੇ ਬੋਲਦੇ ਪ੍ਰਬੰਧ ਹੋਂਦ ਵਿੱਚ ਆਏ ਹਨ। ਹਰ ਬਦਲਵਾਂ ਪ੍ਰਬੰਧ ਮਨੁੱਖੀ ਹਉਂ ਦੀ ਨਿਰਜਿੰਦ ਆਕੜ ਨੂੰ ਰੂਪਮਾਨ ਕਰਦਾ ਹੈ ਅਤੇ ਅਚੇਤ ਹੀ ਜ਼ਿੰਦਗੀ ਦੀ ਅਰੁਕ ਰੌਂ ਵਿੱਚ ਰੁਕਾਵਟ ਬਣ ਬਹਿੰਦਾ ਹੈ।

ਦੂਜੇ ਪਾਸੇ ਜਿਸ ਚੀਜ਼ ਨੂੰ ਭੁਲੇਖੇ ਨਾਲ ਲੋਕ ਸਾਹਿਤ ਦਾ ਨਾਂ ਦਿੱਤਾ ਜਾਂਦਾ ਹੈ ਉਹ ਸਾਹਿਤ ਤੋਂ ਬਿਲਕੁਲ ਵੱਖਰੀ ਕੋਈ ਚੀਜ਼ ਹੈ। ਇਸਦਾ ਸੋਮਾ ਮਨੱਖੀ ਕਲਪਨਾ ਨਹੀਂ ਸਗੋਂ ਕਾਇਨਾਤ ਅੰਦਰ ਧੜਕ ਰਹੇ ਜੀਵਨ ਦੀ ਸਿਹਤਮੰਦ ਤਾਜ਼ਗੀ ਦਾ ਪਵਿੱਤਰ ਬੋਲਾਂ ਰਾਹੀਂ ਰੂਪਮਾਨ ਹੋਣਾ ਹੈ। ਇੱਥੇ ਪਵਿੱਤਰ ਦਾ ਭਾਵ ਧਾਰਮਿਕਤਾ ਵਾਲਾ ਨਹੀਂ ਸਗੋਂ ਇੱਥੇ ਭਾਵ ਨਿਰਮਲਤਾ ਤੋਂ ਹੈ। ਸ਼ਬਦ ਬੋਲ ਦੀ ਉਸ ਪਾਰਦਰਸ਼ਤਾ ਨਾਲ ਹੈ, ਜਿਹੜੀ ਜਦੋਂ ਅਕਾਲ ਨੂੰ ਸਿੱਧੀ ਮੁਖਾਤਿਬ ਨਹੀਂ ਵੀ ਹੋ ਰਹੀ ਹੁੰਦੀ ਉਦੋਂ ਵੀ ਉਸ ਦੇ ਸ਼ਾਂਤ ਜਲੌ ਦੀ ਸ਼ਰਣ ਵਿੱਚ ਪਲ ਰਹੀ ਹੁੰਦੀ ਹੈ ਅਤੇ ਉਸਨੂੰ ਪ੍ਰਤੀਬਿੰਬਤ ਵੀ ਕਰ ਰਹੀ ਹੁੰਦੀ ਹੈ। ਇਸੇ ਲਈ ਲੋਕ ਗੀਤਾਂ ਵਿੱਚ ਕਦੇ ਵੀ ਕੁਦਰਤ ਦਾ ਦੈਵੀਕਰਣ ਨਹੀਂ ਕੀਤਾ ਜਾਂਦਾ ਸਗੋਂ ਕੁਦਰਤ ਰਾਹੀਂ ਲਗਾਤਾਰ ਹੋ ਰਹੇ ਅਕਾਲ ਦੇ ਜਲੌ ਦੇ ਸਾਹਮਣੇ ਆਪਣੀ ਨਿਰਛਲਤਾ ਨੂੰ ਅਰਪਣ ਕੀਤਾ ਜਾਂਦਾ ਹੈ, ਜਿਵੇਂ ਕਿ ਇਨ੍ਹਾਂ ਸਤਰਾਂ ਵਿੱਚ ਵਾਪਰ ਰਿਹਾ ਹੈ -

ਬਿਰਖਾਂ ਦੇ ਗੀਤ ਸੁਣ ਕੇ

ਮੇਰੇ ਦਿਲ ਵਿੱਚ ਚਾਨਣ ਹੋਇਆ।

ਇੱਥੇ ਮਿੱਥ ਵਾਂਗ ਧਰਤੀ ਦੀ ਸਬਜ਼ਬਾਗ ਹਰਿਆਵਲ ਨੂੰ ਦੈਵੀ ਬੁੱਤ ਦਾ ਰੂਪ ਦੇ ਕੇ ਮਨ ਨੂੰ ਉਸਦੀ ਪੂਜਾ ਅਰਚਨਾ ਵਿੱਚ ਨਹੀਂ ਲਾਇਆ ਗਿਆ ਸਗੋਂ ਆਪੇ ਨੂੰ ਕੁਦਰਤ ਦੇ ਸਹਿਜਮਈ ਵਿਗਾਸ ਦੇ ਅਰਪਣ ਕੀਤਾ ਗਿਆ ਹੈ।

ਅਜਿਹੇ ਵਰਤਾਰੇ ਵਿੱਚ ਹਉਂ ਦਾ ਪਿਘਲਣਾ ਯਕੀਨੀ ਹੋ ਜਾਂਦਾ ਹੈ। ਜਾਂ ਇਉਂ ਕਹਿ ਸਕਦੇ ਹਾਂ ਕਿ ਹਉਂ ਦੇ ਤਿੜਕਣ ਨਾਲ ਹੀ ਇਹ ਵਰਤਾਰਾ ਆਰੰਭ ਹੁੰਦਾ ਹੈ। ਇਸ ਤਰ੍ਹਾਂ ਮਨ ਧਰਤੀ ਦੇ ਨਜ਼ਾਰਿਆਂ ਤੋਂ ਅਲਹਿਦਗੀ ਵਿੱਚ ਕਲਪਨਾ ਦੇ ਮੰਡਲਾਂ ਵਿੱਚ ਉਡਾਰੀਆਂ ਨਹੀਂ ਲਾਉਂਦਾ ਸਗੋਂ ਇਨ੍ਹਾਂ ਨਜ਼ਾਰਿਆਂ ਨਾਲ ਬਗਲਗੀਰ ਹੋ ਇੱਕ ਸਾਂਝਾ ਤਾਲ ਉਪਜਾਉਂਦਾ ਹੈ। ਸੋ ਇਨ੍ਹਾਂ ਦੋਹਾਂ ਰੁਝਾਨਾਂ ਦੇ ਜੇਕਰ ਹਉਂ ਦੇ ਬਿੰਦੂ ਤੋਂ ਦੇਖਿਆ ਜਾਵੇ ਤਾਂ ਇਹ ਦੋਵੇਂ ਰੁਝਾਨ, ਸਾਹਿਤਕ ਅਤੇ ਲੋਕ ਸਾਹਿਤਕ ਜਾਂ ਕੁਝ ਹੋਰ ਜਿਸਦਾ ਸਾਨੂੰ ਅਜੇ ਨਾਮ ਨਹੀਂ ਪਤਾ, ਇੱਕ ਦੂਜੇ ਤੋਂ ਉਲਟ ਦਿਸ਼ਾਵਾਂ ਵੱਲ ਨੂੰ ਸਫਰ ਕਰਦੇ ਹਨ। ਇੱਕ ਦਾ ਰੁਝਾਨ ਹਉਂ ਸਥਾਪਤੀ ਵੱਲ ਨੂੰ ਹੈ ਅਤੇ ਦੂਜੇ ਦਾ ਹਉਂ ਨਿਵਾਰਣ ਵੱਲ। ਇਹੀ ਕਾਰਣ ਹੈ ਕਿ ਸਾਹਿਤਕ ਰਚਨਾ ਕਿੰਨੀ ਵੀ ਪੁਰਾਣੀ ਕਿਉਂ ਨਾ ਹੋਵੇ, ਸਾਨੂੰ ਉਸਦੇ ਕਰਤਾ ਦਾ ਪਤਾ ਹੀ ਹੁੰਦਾ ਹੈ, ਪਰ ਦੂਜੇ ਪਾਸੇ ਲੋਕ ਸਾਹਿਤ ਦੇ ਕਰਤਾ ਦਾ ਪਤਾ ਲਾਉਣਾ ਹਮੇਸ਼ਾ ਹੀ ਅਸੰਭਵ ਹੁੰਦਾ ਹੈ। ਉਹ ਅਜਿਹੇ ਜੰਗਲੀ ਫੁੱਲਾਂ ਵਰਗੇ ਹੁੰਦੇ ਹਨ ਜਿਹ²ੜੇ ਕਿਸੇ ਦੀ ਨਜ਼ਰ ਵਿੱਚ ਆਇਆਂ ਬਿਨਾਂ ਹੀ ਇਸ ਜਹਾਨ ਤੋਂ ਤੁਰ ਜਾਂਦੇ ਹਨ ਪਰ ਆਪਣੀ ਸੁਗੰਧੀ ਨੂੰ ਹਮੇਸ਼ਾਂ ਲਈ ਹਵਾਵਾਂ ਵਿੱਚ ਛੱਡ ਜਾਂਦੇ ਹਨ। ਦੂਜੇ ਪਾਸੇ ਬਾਗਾਂ ਦੇ ਅਨੁਸ਼ਾਸਨ ਵਿੱਚ ਉ¤ਗੇ ਫੁੱਲ ਆਪਣੇ ਵੱਡੇ ਅਕਾਰਾਂ ਅਤੇ ਸ਼ੋਖ ਰੰਗਾਂ ਕਾਰਣ ਲੋਕਾਈ ਦੀ ਖਿੱਚ ਅਤੇ ਚਰਚਾ ਦਾ ਕੇਂਦਰ ਤਾਂ ਬਣਦੇ ਹਨ ਪਰ ਉਸ ਅਲੌਕਿਕ ਸੁਗੰਧੀ ਤੋਂ ਵਿਰਵੇ ਰਹਿੰਦੇ ਹਨ।

ਇਸੇ ਲਈ ਲੋਕ ਸਾਹਿਤ ਕਦੇ ਵੀ ਸੰਸਥਾਵਾਂ ਵਿੱਚ ਨਹੀਂ ਢਲਦਾ। ਇਹ ਹਮੇਸ਼ਾਂ ਆਜ਼ਾਦ ਹੀ ਰਹਿੰਦਾ ਹੈ। ਸੰਸਥਾਵਾਂ ਦੀ ਕਾਇਮੀ ਅਸਲ ਵਿੱਚ ਮੌਤ ਦੇ ਭੈਅ ਵਿੱਚ ਥੀਣ ਦਾ ਨਾਮ ਹੈ। ਜਦੋਂ ਕਿ ਦੂਜੇ ਪਾਸੇ ਜ਼ਿੰਦਗੀ ਦੇ ਬਿਨਸਣ ਦਾ ਵਿਗਾਸ ਹੈ। ਜ਼ਿੰਦਗੀ ਦੇ ਬਿਨਸਣ ਨੂੰ ਸਹਿਜ ਭਾਵ ਨਾਲ ਸਵੀਕਾਰਨਾ ਹੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ। ਵੱਡੀ ਗੱਲ ਇਹ ਹੈ ਕਿ ਇਸ ਦੀ ਪ੍ਰਾਪਤੀ ਲਈ ਮੌਤ ਦੇ ਪਲ ਦੀ ਉਡੀਕ ਨਹੀਂ ਕਰਨੀ ਪੈਂਦੀ ਸਗੋਂ ਜੀਵਨ ਦੀ ਭਰਪੂਰਤਾ ਦੇ ਨਾਲ ਇਹ ਆਪੇ ਹੀ ਪ੍ਰਾਪਤ ਹੋ ਜਾਂਦਾ ਹੈ। ਅਜਿਹਾ ਸਹਿਜ ਹਉਂ ਦੇ ਨਿਵਾਰਣ ਨਾਲ ਹੀ ਆਉਂਦਾ ਹੈ ਅਤੇ ਇਹ ਇਸਤਰੀ ਅਨੁਭਵ ਦਾ ਇੱਕ ਵਿਲੱਖਣ ਹਿੱਸਾ ਹੈ।

ਜੇਕਰ ਮਨੁੱਖਤਾ ਦੇ ਸਮੂਹਿਕ ਇਤਿਹਾਸ ਉ¤ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ ਇਸਤਰੀ ਅਨੁਭਵ ਦੀ ਇਸਨੂੰ ਦੇਣ ਬੜੀ ਹੀ ਅਦ੍ਰਿਸ਼ਟ ਹੈ। ਸੱਭਿਅਤਾ ਦੇ ਵਿਕਾਸ ਦਾ ਸਾਰਾ ਸਿਹਰਾ ਮਰਦ ਦੇ ਸਿਰ ਹੀ ਬੱਝਦਾ ਹੈ। ਗਿਆਨ ਦੇ ਸਾਰੇ ਪ੍ਰਬੰਧ, ਵੱਖ ਵੱਖ ਵਿਗਿਆਨ, ਸਾਹਿਤ, ਸੂਖਮ ਕਲਾਵਾਂ, ਰਾਜਨੀਤੀ, ਅਰਥਚਾਰਾ, ਤਕਨਾਲੋਜੀ ਸਭ ਕੁਝ ਮਰਦ ਦੁਆਰਾ ਹੀ ਸਿਰਜਿਆ ਗਿਆ ਹੈ। ਜੇ ਇਸਤਰੀ ਦਾ ਇਸ ਵਿੱਚ ਹਿੱਸਾ ਵੀ ਹੈ ਤਾਂ ਬਹੁਤ ਨਿਗੂਣਾ। ਵੀਹਵੀਂ ਸਦੀ ਦੌਰਾਨ ਸੱਭਿਅਤਾ ਵੱਲ ਲਏ ਗਏ ਵੱਡੇ ਵਿਨਾਸ਼ਕਾਰੀ ਮੋੜਾਂ ਤੋਂ ਬਾਅਦ ਹੀ ਇਹ ਗੱਲ ਸਾਹਮਣੇ ਆਈ ਹੈ ਕਿ ਇਸਦੇ ਮੁੱਢ ਵਿੱਚ ਹੀ ਕਿਤੇ ਨਾ ਕਿਤੇ ਕੋਈ ਕਾਣ ਹੈ, ਕਿ ਇਸਨੂੰ ਜਨਮ ਸਮੇਂ ਤੋਂ ਹੀ ਹਉਂ ਦੇ ਜ਼ਹਿਰ ਦੀ ਪੁੱਠ ਚੜ੍ਹੀ ਹੋਈ ਹੈ। ਪਰ ਸੱਭਿਅਤਾ ਵਲੋਂ ਅਜਿਹੇ ਵਿਨਾਸ਼ਕਾਰੀ ਅਤੇ ਦਮਨਕਾਰੀ ਰੂਪ ਅਖਤਿਆਰ ਕਰ ਲੈਣ ਤੋਂ ਬਾਅਦ ਵੀ ਜੇਕਰ ਅਜੇ ਜ਼ਿੰਦਗੀ ਦੀ ਖੂਬਸੂਰਤੀ ਸਲਾਮਤ ਹੈ ਤਾਂ ਉਹ ਇਸਤਰੀ ਅਨੁਭਵ ਦੇ ਲੁਕਵੇਂ ਯੋਗਦਾਨ ਦਾ ਸਦਕਾ ਹੀ ਹੈ। ਇਸਤਰੀ ਅਨੁਭਵ ਦੀ ਮਨੁੱਖਤਾ ਨੂੰ ਦੇਣ ਏਨੀ ਪੂਰਨ ਅਤੇ ਸਹਿਜ ਹੈ ਕਿ ਇਹ ਸੌਗਾਤ ਵਿੱਚ ਹੀ ਆਪਣੇ ਆਪ ਨੂੰ ਲੁਪਤ ਕਰ ਲੈਂਦੀ ਹੈ। ਜਿਵੇਂ ਮਿੱਟੀ ਅੰਦਰਲਾ ਉਪਜਾਊਪਣ ਜਦੋਂ ਫੁੱਲ ਦੇ ਖੇੜੇ ਰਾਹੀਂ ਬਾਹਰ ਆਉਂਦਾ ਹੈ ਤਾਂ ਉਹ ਚੀਕ ਚੀਕ ਕੇ ਇਹ ਜਤਾਉਣ ਦੀ ਕੋਸ਼ਿਸ਼ ਨਹੀਂ ਕਰਦਾ ਕਿ ਇਸ ਖੇੜੇ ਦਾ ਸਰੋਤ ‘ਮੈਂ’ ਹਾਂ। ਉਹ ਇਸ ਖੇੜੇ ਵਿੱਚ ਆਪਣੇ ਆਪ ਨੂੰ ਲੁਪਤ ਕਰ ਲੈਂਦਾ ਹੈ। ਉਹ ਖੁਦ ਬਿਨਸ ਕੇ ਹੀ ਖੇੜੇ ਦਾ ਰੂਪ ਧਾਰਦਾ ਹੈ। ਇਸਤਰੀ ਅਨੁਭਵ ਦੀ ਦੇਣ ਵੀ ਜ਼ਿੰਦਗੀ ਨੂੰ ਕੁਝ ਅਜਿਹੀ ਹੀ ਹੈ। ਇਹ ਸੰਸਥਾਵਾਂ ਸਿਰਜ ਕੇ ਆਪਣੀ ਹੋਂਦ ਨੂੰ ਜਤਾਉਣ ਦੇ ਵਿਅਰਥ ਯਤਨ ਨਹੀਂ ਕਰਦੀ ਸਗੋਂ ਸਮਰਪਣ ਦੇ ਭਾਵ ਅੰਦਰ ਆਪੇ ਹੀ ਵਿਲੀਨਤਾ ਨੂੰ ਅਸਲ ਪ੍ਰਾਪਤੀ ਮੰਨਦੀ ਹੈ। ਆਪਣੇ ਆਲੇ-ਦੁਆਲੇ ਧੜਕ ਰਹੀ ਜ਼ਿੰਦਗੀ ਨੂੰ ਕੋਈ ਅਨੰਦਦਾਇਕ ਖੇੜਾ ਬਖਸ਼ ਦੇਣਾ ਹੀ ਮਨੁੱਖੀ ਆਪੇ ਦਾ ਸਭ ਤੋਂ ਵੱਡਾ ਕਰਮ ਹੈ।

ਜਿਸ ਚੀਜ਼ ਨੂੰ ਗਲਤੀ ਨਾਲ ਲੋਕ ਸਾਹਿਤ ਕਿਹਾ ਜਾਂਦਾ ਹੈ, ਉਹ ਇਸਦੀ ਸਭ ਤੋਂ ਸੋਹਣੀ ਮਿਸਾਲ ਹੈ। ਬਾਬੁਲ, ਕੰਤ, ਮਾਂ ਅਤੇ ਵੀਰ ਦਾ ਪਿਆਰ ਜਦੋਂ ਇਕੱਠਾ ਛਲਕਦਾ ਹੈ ਅਤੇ ਹਰ ਬੋਲ ਨੂੰ ਗੀਤ ਦੀ ਨੁਹਾਰ ਬਖਸ਼ਣ ਲਗਦਾ ਹੈ ਤਾਂ ਉਸਨੂੰ ਕੀ ਕਿਹਾ ਜਾ ਸਕਦਾ ਹੈ?

ਸ਼ਾਇਦ.......

ਵਿਸਮਾਦ!




-ਪ੍ਰਭਸ਼ਰਨਜੋਤ ਕੌਰ